ਕਿਸੇ ਜਗ੍ਹਾ ਇਕ ਬੰਦਾ ਉਪਰਲੀ ਮੰਜ਼ਿਲ ਵਾਲੇ ਫਲੈਟ ਵਿੱਚ ਰਹਿੰਦਾ ਸੀ। ਉਹ ਬੰਦਾ ਸਾਰਾ ਦਿਨ ਕੰਮ-ਧੰਦੇ ਦੇ ਸਿਲਸਿਲੇ ਵਿੱਚ ਬਾਹਰ ਰਹਿੰਦਾ । ਰਾਤ ਦਸ ਕੁ ਵਜੇ ਘਰ ਪਰਤਦਾ । ਆ ਕੇ ਇਕ-ਇਕ ਕਰਕੇ ਬੂਟ ਖੋਲ੍ਹਦਾ ਤੇ ਬੈਠਾ-ਬੈਠਾ ਥੋੜ੍ਹੀ ਦੂਰ ਪਰ੍ਹਾਂ ਵਗਾਹ ਮਾਰਦਾ। ਹੇਠਲੀ ਮੰਜ਼ਿਲ ਵਾਲੇ ਫਲੈਟ ਵਾਲਿਆਂ ਨੂੰ ਬੂਟਾਂ ਦੇ ਵਗਾਹ ਸੁੱਟਣ ਦੀ ਆਵਾਜ਼ ਸਾਫ ਸੁਣਾਈ ਦਿੰਦੀ । ਰੋਜ਼ ਉਹਨਾਂ ਨੂੰ ਪਤਾ ਲੱਗ ਜਾਣਾ ਕਿ ਬੰਦਾ ਘਰ ਆ ਗਿਆ ਹੈ, ਇਕ ਬੂਟ ਖੋਲ੍ਹ ਲਿਆ ਹੈ, ਦੂਜਾ ਬੂਟ ਖੋਲ੍ਹ ਲਿਆ ਹੈ ।
ਇਕ ਦਿਨ ਕੀ ਹੋਇਆ। ਉਹ ਬੰਦਾ ਘਰ ਆਇਆ, ਉਸਨੇ ਇਕ ਬੂਟ ਪਰ੍ਹਾਂ ਵਗਾਹ ਮਾਰਿਆ, ਪਰ ਦੂਜਾ ਹੌਲੀ ਜਿਹੀ ਟਿਕਾ ਦਿੱਤਾ। ਹੇਠਲੇ ਫਲੈਟ ਵਾਲੇ ਦੂਜੇ ਬੂਟ ਦੇ ਡਿੱਗਣ ਦੀ ਆਵਾਜ਼ ਉਡੀਕਦੇ ਰਹੇ। ਬੇਚੈਨੀ ਵਿੱਚ ਨੀਂਦ ਨਾ ਆਵੇ। ਆਖਰ ਪਤਨੀ ਦੇ ਮਜਬੂਰ ਕਰਨ ‘ਤੇ ਹੇਠਲੇ ਫਲੈਟ ਵਾਲੇ ਬੰਦੇ ਨੇ ਰਾਤ ਬਾਰਾਂ ਵਜੇ ਉਪਰਲੇ ਫਲੈਟ ਦੀ ਜਾ ਬੈੱਲ ਵਜਾਈ । ਬੰਦਾ ਬਾਹਰ ਆਇਆ ਤੇ ਪੁੱਛਿਆ, “ਦੱਸੋ ਕੀ ਹੁਕਮ ਹੈ ?” ਹੇਠਲੇ ਫਲੈਟ ਵਾਲਾ ਬੋਲਿਆ, “ਹੁਕਮ ਨਹੀਂ, ਬੇਨਤੀ ਹੈ। ਸਾਰਾ ਪਰਿਵਾਰ ਪਰੇਸ਼ਾਨ ਹੈ। ਕਿਰਪਾ ਕਰਕੇ ਇਹ ਦੱਸ ਦਿਓ ਕਿ ਦੂਜੇ ਬੂਟ ਦਾ ਕੀ ਬਣਿਆ ?”
ਇਹ ਕਹਾਣੀ ਸੁਣਨ ਵਿੱਚ ਤਾਂ ਬਹੁਤ ਸਧਾਰਨ ਲੱਗਦੀ ਹੈ, ਪਰ ਇਸ ਵਿੱਚ ਜ਼ਿੰਦਗੀ ਦਾ ਇਕ ਡੂੰਘਾ ਸੱਚ ਛੁਪਿਆ ਹੈ। ਅਸੀਂ ਅਕਸਰ ਆਪਣੀ ਜ਼ਿੰਦਗੀ ਵਿੱਚ ਅਜਿਹੀਆਂ ਹੀ “ਅਧੂਰੀਆਂ ਆਵਾਜ਼ਾਂ” ਨੂੰ ਉਡੀਕਦੇ ਰਹਿੰਦੇ ਹਾਂ। ਸਾਡੀ ਮਨ ਦੀ ਸ਼ਾਂਤੀ ਕਿਸੇ ਹੋਰ ਦੀ ਹਰਕਤ, ਬੋਲ, ਜਾਂ ਕਿਰਿਆ ਨਾਲ ਇਸ ਤਰ੍ਹਾਂ ਜੁੜ ਜਾਂਦੀ ਹੈ ਕਿ ਜਦ ਤੱਕ ਦੂਜਾ ਬੰਦਾ ਕੁਝ ਕਰਦਾ ਨਹੀਂ, ਸਾਨੂੰ ਆਰਾਮ ਨਹੀਂ ਆਉਂਦਾ।
ਸਾਡੇ ਵਿੱਚੋਂ ਬਹੁਤ ਸਾਰੇ ਲੋਕ ਇਹੋ ਜਿਹੀਆਂ ਗੱਲਾਂ ਕਰਕੇ ਵੀ ਪਰੇਸ਼ਾਨ ਰਹਿੰਦੇ ਹਨ ਕਿ ਸਾਨੂੰ ਦੂਜਿਆਂ ਦੀਆਂ ਨਿੱਜੀ ਜਾਂ ਪਰਿਵਾਰਕ ਗੱਲਾਂ ਦਾ ਪਤਾ ਕਿਉਂ ਨਹੀਂ ਲੱਗ ਰਿਹਾ। ਕਿਸੇ ਦਾ ਘਰ ਕਿਹੋ ਜਿਹਾ ਹੈ, ਕਿਸੇ ਦਾ ਰਿਸ਼ਤਾ ਕਿਵੇਂ ਚੱਲ ਰਿਹਾ ਹੈ, ਕਿਸੇ ਦੇ ਬੱਚੇ ਕਿੱਥੇ ਪੜ੍ਹ ਰਹੇ ਹਨ—ਇਹ ਸਾਰੀਆਂ ਗੱਲਾਂ ਸਾਨੂੰ ਉਹਨਾਂ ਨਾਲੋਂ ਵੀ ਵਧ ਪਰੇਸ਼ਾਨ ਕਰਦੀਆਂ ਹਨ, ਜਿਨ੍ਹਾਂ ਦੀਆਂ ਉਹ ਗੱਲਾਂ ਹੁੰਦੀਆਂ ਹਨ।
ਇਹ ਸਾਡੀ ਆਦਤ ਬਣ ਚੁੱਕੀ ਹੈ ਕਿ ਅਸੀਂ ਆਪਣੇ ਮਨ ਦੀ ਸ਼ਾਂਤੀ ਦੂਜਿਆਂ ਦੀ ਜ਼ਿੰਦਗੀ ਦੇ ਹਾਲਾਤਾਂ ਨਾਲ ਜੋੜ ਲੈਂਦੇ ਹਾਂ। ਜਿਵੇਂ ਹੇਠਲੇ ਫਲੈਟ ਵਾਲਾ ਦੂਜੇ ਬੂਟ ਦੀ ਆਵਾਜ਼ ਦੀ ਉਡੀਕ ਕਰਦਾ ਰਿਹਾ, ਓਸੇ ਤਰ੍ਹਾਂ ਅਸੀਂ ਵੀ ਕਿਸੇ ਦੂਜੇ ਦੀ ਜ਼ਿੰਦਗੀ ਵਿੱਚ ਅਧੂਰੇ ਜਵਾਬ ਲੱਭਣ ਦੀ ਉਡੀਕ ਕਰਦੇ ਰਹਿੰਦੇ ਹਾਂ।
ਇਹ ਪਰੇਸ਼ਾਨੀਆਂ ਹਕੀਕਤ ਵਿੱਚ ਸਾਡੇ ਮਨ ਦੀ ਕਮੀ ਤੋਂ ਪੈਦਾ ਹੁੰਦੀਆਂ ਹਨ। ਜਦੋਂ ਮਨ ਖਾਲੀ ਹੁੰਦਾ ਹੈ, ਜਦੋਂ ਅਸੀਂ ਆਪਣੇ ਆਪ ਨਾਲ ਜੁੜੇ ਨਹੀਂ ਰਹਿੰਦੇ, ਤਦੋਂ ਅਸੀਂ ਬਾਹਰ ਦੀ ਦੁਨੀਆਂ ਵਿੱਚ ਕੁਝ ਲੱਭਣ ਲੱਗ ਪੈਂਦੇ ਹਾਂ। ਉਹ ਖੋਜ ਕਦੇ ਕਿਸੇ ਦੀ ਗੱਲਾਂ ਵਿੱਚ ਹੁੰਦੀ ਹੈ, ਕਦੇ ਕਿਸੇ ਦੀ ਜ਼ਿੰਦਗੀ ਵਿੱਚ। ਪਰ ਇਹ ਖੋਜ ਕਦੇ ਪੂਰੀ ਨਹੀਂ ਹੁੰਦੀ।
ਅਸਲੀ ਸ਼ਾਂਤੀ ਤਦ ਆਉਂਦੀ ਹੈ ਜਦੋਂ ਅਸੀਂ ਆਪਣੀ ਜ਼ਿੰਦਗੀ ਦੇ “ਬੂਟਾਂ” ਨੂੰ ਆਪ ਟਿਕਾਉਣਾ ਸਿੱਖ ਲੈਂਦੇ ਹਾਂ। ਜਦੋਂ ਅਸੀਂ ਆਪਣੇ ਮਨ ਨੂੰ ਇਹ ਸਮਝਾ ਲੈਂਦੇ ਹਾਂ ਕਿ ਹਰ ਗੱਲ ਦਾ ਜਵਾਬ ਲੱਭਣਾ ਜ਼ਰੂਰੀ ਨਹੀਂ। ਕੁਝ ਗੱਲਾਂ ਅਧੂਰੀਆਂ ਰਹਿ ਜਾਣਾ ਵੀ ਸੁੰਦਰ ਹੁੰਦਾ ਹੈ। ਕਈ ਵਾਰ ਚੁੱਪੀ, ਕਈ ਵਾਰ ਬੇਖ਼ਬਰੀ ਵੀ ਇਕ ਸ਼ਾਂਤੀ ਦਾ ਰੂਪ ਹੁੰਦੀ ਹੈ।
ਸਮੱਸਿਆ ਇਹ ਨਹੀਂ ਕਿ ਲੋਕ ਸਾਨੂੰ ਕੁਝ ਨਹੀਂ ਦੱਸਦੇ, ਸਮੱਸਿਆ ਇਹ ਹੈ ਕਿ ਅਸੀਂ ਹਰ ਗੱਲ ਜਾਣਨੀ ਚਾਹੁੰਦੇ ਹਾਂ। ਸਾਨੂੰ ਲੱਗਦਾ ਹੈ ਕਿ ਜੇ ਅਸੀਂ ਸਭ ਕੁਝ ਜਾਣ ਲਵਾਂਗੇ, ਤਾਂ ਜ਼ਿੰਦਗੀ ਆਸਾਨ ਹੋ ਜਾਵੇਗੀ, ਪਰ ਹਕੀਕਤ ਇਸਦੇ ਉਲਟ ਹੈ—ਜਿੰਨੀ ਜ਼ਿਆਦਾ ਜਾਣਕਾਰੀ ਮਿਲਦੀ ਹੈ, ਓਨਾ ਜ਼ਿਆਦਾ ਮਨ ਭਟਕਦਾ ਹੈ।
ਅਸੀਂ ਆਪਣੀ ਊਰਜਾ ਦੂਜਿਆਂ ਦੀ ਜ਼ਿੰਦਗੀ ਦੇ “ਦੂਜੇ ਬੂਟ” ਦੀ ਉਡੀਕ ਵਿੱਚ ਖਰਚ ਕਰਦੇ ਹਾਂ। ਪਰ ਜੇਕਰ ਅਸੀਂ ਉਹੀ ਊਰਜਾ ਆਪਣੇ ਵਿਕਾਸ, ਆਪਣੇ ਸੁਖ, ਆਪਣੇ ਮਨ ਦੀ ਸ਼ਾਂਤੀ ਵਿੱਚ ਲਗਾ ਲਈਏ, ਤਾਂ ਜ਼ਿੰਦਗੀ ਕਿੰਨੀ ਆਸਾਨ ਹੋ ਜਾਵੇਗੀ।
ਮਨੁੱਖ ਦੀ ਸਭ ਤੋਂ ਵੱਡੀ ਬਿਮਾਰੀ ਹੈ “ਉਡੀਕ” — ਕੁਝ ਹੋਣ ਦੀ, ਕੁਝ ਮਿਲਣ ਦੀ, ਕੁਝ ਜਾਨਣ ਦੀ। ਜਦ ਤੱਕ ਅਸੀਂ ਇਸ ਉਡੀਕ ਵਿੱਚ ਰਹਿੰਦੇ ਹਾਂ, ਤਦ ਤੱਕ ਅਸੀਂ ਜੀਵਨ ਨੂੰ ਖੋ ਬੈਠਦੇ ਹਾਂ।
ਇਸ ਕਹਾਣੀ ਦਾ ਸਿੱਖਿਅਕ ਸਬਕ ਸਧਾਰਨ ਹੈ ਪਰ ਬਹੁਤ ਗਹਿਰਾ — ਕਈ ਵਾਰ “ਦੂਜੇ ਬੂਟ” ਦੀ ਆਵਾਜ਼ ਨਾ ਸੁਣੀ ਜਾਣਾ ਵੀ ਇੱਕ ਤੋਹਫ਼ਾ ਹੁੰਦਾ ਹੈ। ਉਹ ਸਾਨੂੰ ਸਿਖਾਉਂਦਾ ਹੈ ਕਿ ਹਰੇਕ ਗੱਲ ਦਾ ਅੰਤ ਜਾਨਣਾ ਜ਼ਰੂਰੀ ਨਹੀਂ। ਅਧੂਰੇ ਜਵਾਬ ਵੀ ਕਈ ਵਾਰ ਮਨ ਦੀ ਪੂਰਨਤਾ ਲਿਆਉਂਦੇ ਹਨ।
ਤਾਂ ਚਲੋ, ਅੱਜ ਤੋਂ ਅਸੀਂ ਆਪਣੀ ਜ਼ਿੰਦਗੀ ਵਿੱਚ ਉਹਨਾਂ ਬੇਕਾਰ ਪਰੇਸ਼ਾਨੀਆਂ ਨੂੰ ਛੱਡ ਦਈਏ ਜੋ ਸਿਰਫ਼ ਦੂਜਿਆਂ ਦੀਆਂ ਗੱਲਾਂ ਨਾਲ ਜੁੜੀਆਂ ਹਨ। ਅਸੀਂ ਆਪਣੀ ਧੁਨ ਸੁਣੀਏ, ਆਪਣਾ ਮਨ ਸਮਝੀਏ, ਅਤੇ ਉਹ ਬੂਟਾਂ ਦੀ ਆਵਾਜ਼ਾਂ ਨੂੰ ਚੁੱਪੀ ਵਿੱਚ ਰਲ ਜਾਣ ਦੇਈਏ।
ਜਦੋਂ ਅਸੀਂ ਇਹ ਸਿੱਖ ਲੈਂਦੇ ਹਾਂ ਕਿ “ਹਰ ਗੱਲ ਦਾ ਪਤਾ ਲੱਗਣਾ ਜ਼ਰੂਰੀ ਨਹੀਂ,” ਓਦੋਂ ਸਾਡੀ ਜ਼ਿੰਦਗੀ ਵਿੱਚ ਇਕ ਨਵੀਂ ਸ਼ਾਂਤੀ, ਇਕ ਨਵਾਂ ਸੁਖ ਉਤਰਨ ਲੱਗਦਾ ਹੈ।
ਅਤੇ ਸ਼ਾਇਦ ਉਹੀ ਸਮਾਂ ਹੁੰਦਾ ਹੈ ਜਦੋਂ ਸਾਡੇ ਮਨ ਦੀ ਰਾਤ ਅਸਲੀ ਤੌਰ ‘ਤੇ ਸਵੇਰ ਬਣਦੀ ਹੈ।
ਜਸਵਿੰਦਰ ਪਾਲ ਸ਼ਰਮਾ
ਸਸ ਮਾਸਟਰ
ਪਿੰਡ ਵੜਿੰਗ ਖੇੜਾ
ਤਹਿਸੀਲ ਮਲੋਟ
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
Leave a Reply